ਕਮਜ਼ੋਰ ਜੋੜ, ਝੁਰੜੀਆਂ ਭਰੀ ਚਮੜੀ, ਚਿੱਟੇ ਹੋ ਰਹੇ ਵਾਲ ਇਹ ਸਾਰੇ ਸਰੀਰ ਦੇ ਬੁਢਾਪੇ ਵੱਲ ਜਾਣ ਦੇ ਲੱਛਣ ਹਨ। ਇਹ ਸੱਚ ਹੈ ਕਿ ਸਰੀਰ ਹਰ ਗੁਜ਼ਰਦੇ ਦਿਨ ਨਾਲ ਲਗਾਤਾਰ ਨਾਸ਼ ਵੱਧਦਾ ਹੈ ਪਰ ਨਾਲ ਹੀ ਨਾਲ ਇਹ ਵੀ ਸੱਚ ਹੈ ਕਿ ਇਸ ਪ੍ਰਕਿਰਿਆ ਨੂੰ ਠੱਲ ਪਾਉਣ ਦੇ ਢੰਗ-ਤਰੀਕੇ ਵੀ ਮੌਜੂਦ ਹਨ। ਬੁਢਾਪਾ ਸਰੀਰ ਵਿਚ ਸ਼ੁਕਰ ਦੀ ਕਮੀ ਦਾ ਹੀ ਦੂਜਾ ਨਾਂਅ ਹੈ। ਸ਼ੁਕਰ ਇਕ ਉਹ ਸ਼ੂਖਮ ਤੱਤ ਹੈ ਜੋ ਵਾਲਾਂ ਤੇ ਚਮੜੀ ਨੂੰ ਚਮਕ, ਜੋੜਾਂ ਤੇ ਅੰਗਾਂ ਨੂੰ ਤਾਕਤ ਤੇ ਲੰਮੀ ਉਮਰ ਦੇ ਨਾਲ ਹੀ ਆਮ ਤੌਰ ‘ਤੇ ਸੰਤਾਂ ਤੇ ਹੋਰਨਾਂ ਵਿਕਸਿਤ ਚੇਤਨਾ ਵਾਲੇ ਮਨੁੱਖਾਂ ਵਿਚ ਪਾਇਆ ਜਾਣ ਵਾਲਾ ਅਜਿਹਾ ਆਕਰਸ਼ਣ ਪ੍ਰਦਾਨ ਕਰਦਾ ਹੈ ਜਿਸ ਕਾਰਨ ਲੋਕ ਅਣਚਾਹੇ ਹੀ ਉਨਾਂ ਵੱਲ ਖਿੱਚੇ ਜਾਂਦੇ ਹਨ। ਲਗਾਤਾਰ ਤੇ ਲੋੜੋਂ ਵੱਧ ਸਰੀਰਕ ਕ੍ਰਿਆਸ਼ੀਲਤਾ ਸ਼ੁਕਰ ਦੀ ਘਾਟ ਤੇ ਖਾਸ ਕਿਸਮ ਦੀਆਂ ਆਦਤਾਂ ਕਾਰਨ ਸਰੀਰ ਵਿਚ ਵਾਧੂ ਅਮਾ (ਵਿਸ਼ੈਲੇ ਤੱਤ) ਦੀ ਉਤਪਤੀ ਹੰਦੀ ਹੈ।ਜ਼ਜ਼ਬਾਤੀ ਘੁਟਣ, ਵਾਧੂ ਸਰੀਰਕ ਮਿਹਨਤ, ਕ੍ਰੋਧ ਤੇ ਲੋੜੋਂ ਵੱਧ ਜਿਨਸੀ (ਸੈਕਸੁਅਲ) ਵਿਲਾਸਤਾ ਸਰੀਰ ਵਿਚ ਸ਼ੁਕਰ ਦੀ ਘਾਟ ਪੈਦਾ ਹੋਣ ਦੇ ਚਾਰ ਮੁੱਖ ਕਾਰਨ ਹਨ। ਸਨਾਤਨ ਕ੍ਰਿਆ ਦੇ ਅਭਿਆਸਕਰਤਾ ਬਿਨਾਂ ਕਿਸੇ ਚੇਤਨ ਕੋਸ਼ਿਸ਼ ਜਾਂ ਬਿਨਾਂ ਇੱਛਾਵਾਂ ਦਾ ਦਮਨ ਕੀਤਿਆਂ ਇਨਾਂ ਚਾਰਾਂ ਕਾਰਨਾਂ ‘ਤੇ ਕਾਬੂ ਪਾ ਸਕਦੇ ਹਨ।ਇੰਜ ਸਰੀਰ ਦੇ ਸੈੱਲਾਂ ਦੀ ਟੁੱਟ-ਭੱਜ ਰੋਕਣ ਅਤੇ ਸਿੱਟੇ ਵਜੋਂ ਬੁਢਾਪੇ ਨੂੰ ਠੱਲ ਪਾਉਣ ਤੋਂ ਇਲਾਵਾ ਯੋਗ ਦੇ ਕੁੱਝ ਵਿਸ਼ੇਸ਼ ਆਸਨਾਂ ਦੁਆਰਾ ਸੈੱਲਾਂ ਨੂੰ ਮੁੜ ਸੁਰਜੀਤ ਕਰਕੇ ਬੁਢਾਪੇ ਦੀ ਪ੍ਰਕਿਰਿਆ ਨੂੰ ਮੋੜਿਆ ਜਾ ਸਕਦਾ ਹੈ। ਪੁਰਾਤਨ ਲੋਕਾਂ ਦੀ ਸਦਾਬਹਾਰ ਜਵਾਨੀ ਤੇ ਚਮਕ ਦੇ ਕੁੱਝ ਭੇਦ ਹੇਠਾਂ ਤੁਹਾਡੇ ਨਾਲ ਸਾਂਝੇ ਕਰਦੇ ਹਾਂ।
1.ਸਰਵੰਗਆਸਨ: ਪਿੱਠ ਦੇ ਭਾਰ ਲੇਟ ਜਾੳ। ਸਾਹ ਖਿੱਚਦਿਆਂ ਤੇ ਦੋਹਾਂ ਹੱਥਾਂ ਦੇ ਸਹਾਰਾ ਲੈਂਦਿਆਂ ਦੋਹਾਂ ਲੱਤਾਂ ਨੂੰ ਜੋੜ ਕੇ ਆਰਾਮ ਨਾਲ ਖੜ੍ਹਵੀਂ ਦਿਸ਼ਾ ਵਿਚ ਇੰਜ ਚੁੱਕੋ ਕਿ ਤੁਹਾਡੇ ਪੱਬ ਉਤਾਂਹ ਵੱਲ ਇਸ਼ਾਰਾ ਕਰਨ।ਇਸ ਤੋਂ ਬਾਅਦ ਆਪਣੇ ਕੂਲ੍ਹਿਆਂ, ਪਿੱਠ ਦੇ ਹੇਠਲੇ, ਵਿਚਕਾਰਲੇ ਤੇ ਉਤਲੇ ਹਿੱਸਿਆਂ ਨੂੰ ਕ੍ਰਮਵਾਰ ਇਸ ਤਰਾਂ ਚੁੱਕੋ ਕਿ ਪੂਰੇ ਸਰੀਰ ਦਾ ਆਕਾਰ ਇਕ ਸਿੱਧੀ ਖੜੀ ਰੇਖਾ ਵਰਗਾ ਬਣ ਜਾਵੇ। ਇੰਜ ਕਰਦਿਆਂ ਮੋਢੇ ਤੇ ਸਿਰ ਜ਼ਮੀਨ ਨਾਲ ਜੁੜੇ ਹੋਏ, ਠੋਡੀ ਛਾਤੀ ਨਾਲ ਚਿਪਕੀ ਹੋਈ ਤੇ ਹੱਥ ਸਰੀਰ ਨੂੰ ਸਹਾਰਾ ਦੇਣ ਵਾਲੀ ਹਾਲਤ ਵਿਚ ਹੋਣ।ਇਸ ਅਵਸਥਾ ਨੂੰ ਆਪਣੀ ਸਮਰਥਾ ਮੁਤਾਬਕ ਬਰਕਰਾਰ ਰੱਖੋ ਤੇ ਸਾਹ ਛੱਡਦਿਆਂ ਵਾਪਸ ਸ਼ੁਰੂਆਤੀ ਪੁਜੀਸ਼ਨ ਵਿਚ ਆ ਜਾੳ।
ਸਾਵਧਾਨੀ: ਗਰਦਨ ਦੀ ਆਕੜਨ ਤੇ ਦਰਦ (ਸਰਵਿਕਲ ਸਪੌਂਡਿਲਾਇਟਸ), ਰੀੜ੍ਹ ਦੇ ਖਿਸਕੇ ਮਣਕੇ ਦੀ ਸਮੱਸਿਆ (ਸਲਿੱਪ ਡਿਸਕ) ਤੇ ਹਾਈ ਬਲੱਡ ਪ੍ਰੈਸ਼ਰ ਤੋਂ ਪੀੜਤ ਲੋਕ ਇਸ ਆਸਨ ਨੂੰ ਬਿਲਕੁਲ ਨਾ ਕਰਨ।
2.ਹੱਲਆਸਨ: ਪਿੱਠ ਦੇ ਭਾਰ ਲੇਟ ਜਾੳ। ਸਾਹ ਖਿੱਚਦਿਆਂ ਦੋਹਾਂ ਲੱਤਾਂ ਨੂੰ ਚੁੱਕ ਕੇ ਸਿਰ ਦੇ ਉਤੋਂ ਦੀ ਇੰਜ ਮੋੜੋ ਕਿ ਤੁਹਾਡੇ ਪੱਬ ਫਰਸ਼ ਨੂੰ ਛੂਹਣ। ਹੱਥਾਂ ਦੀਆਂ ਤਲੀਆਂ ਨੂੰ ਤੁਸੀਂ ਪਿੱਠ ‘ਤੇ ਸਹਾਰਾ ਦੇਣ ਲਈ ਟਿਕਾ ਸਕਦੇ ਹੋ ਜਾਂ ਫਿਰ ਇਸ ਤਰਾਂ ਪਿਛੇ ਲਿਜਾ ਸਕਦੇ ਹੋ ਕਿ ਉਹ ਤੁਹਾਡੇ ਪੱਬਾਂ ਨੂੰ ਛੂਹਣ।ਸਮਰਥਾ ਮੁਤਾਬਕ ਇਸ ਮੁਦਰਾ ਵਿਚ ਰਹਿਣ ਬਾਅਦ ਸਾਹ ਛੱਡਦਿਆਂ ਪਹਿਲੀ ਪੁਜੀਸ਼ਨ ਵਿਚ ਵਾਪਸ ਆ ਜਾੳ
ਸਾਵਧਾਨੀ: ਰੀੜ੍ਹ ਦੀਆਂ ਸੱਟਾਂ, ਪੇਟ ਜਾਂ ਗਰਦਨ ਦੇ ਮਰਜ਼ਾਂ ਤੋਂ ਪੀੜਤ ਲੋਕ ਇਸ ਆਸਨ ਤੋਂ ਪਰਹੇਜ਼ ਕਰਨ। ਇਨਾਂ ਯੋਗ ਆਸਨਾਂ ਦੇ ਪੂਰਕ ਦੇ ਤੌਰ ‘ਤੇ ਕਾਲੇ ਅੰਗੂਰਾਂ ਦਾ ਸੇਵਨ ਚਮੜੀ ਦੇ ਬੁਢਾਪੇ ਨੂੰ ਰੋਕਣ ਦਾ ਬੇਹੱਦ ਅਸਰਦਾਰ ਤੋੜ ਹੈ। ਇਨਾਂ ਨੂੰ ਸਾਬਤ ਖਾਣ ਤੋਂ ਇਲਾਵਾ ਫੇਹ ਕੇ ਚਿਹਰੇ ‘ਤੇ ਮਲਿਆ ਵੀ ਜਾ ਸਕਦਾ ਹੈ।
ਲੇਖ Nirpakh Awaaz ਵਿਚ ਪ੍ਰਕਾਸ਼ਿਤ ਕੀਤਾ ਗਿਆ ਸੀ
Comments
Post a Comment